2 Kings 24

1ਉਹ ਦੇ ਦਿਨੀਂ ਬੁਕਦ-ਨੱਸਰ ਬਾਬਲ ਦਾ ਰਾਜਾ ਚੜ੍ਹ ਆਇਆ ਅਤੇ ਯਹੋਯਾਕੀਮ ਤਿੰਨ ਸਾਲ ਉਹ ਦਾ ਦਾਸ ਬਣਿਆ ਰਿਹਾ ਤਦ ਉਹ ਫਿਰ ਕੇ ਉਸ ਤੋਂ ਬਾਗੀ ਹੋ ਗਿਆ 2ਅਤੇ ਯਹੋਵਾਹ ਨੇ ਉਹ ਦੇ ਵਿਰੁੱਧ ਕਸਦੀਆਂ ਦੇ ਜੱਥੇ ਅਤੇ ਅਰਾਮ ਦੇ ਜੱਥੇ ਮੋਆਬ ਦੇ ਜੱਥੇ ਅਤੇ ਅੰਮੋਨੀਆਂ ਦੇ ਜੱਥੇ ਭੇਜੇ ਅਤੇ ਉਸ ਨੇ ਯਹੂਦਾਹ ਦੇ ਵਿਰੁੱਧ ਉਨ੍ਹਾਂ ਨੂੰ ਭੇਜਿਆ ਤਾਂ ਜੋ ਯਹੋਵਾਹ ਦੇ ਉਸ ਬਚਨ ਦੇ ਅਨੁਸਾਰ ਜੋ ਉਸ ਨੇ ਆਪਣੇ ਦਾਸਾਂ ਨਬੀਆਂ ਦੇ ਰਾਹੀਂ ਬੋਲਿਆ ਸੀ ਉਹ ਨੂੰ ਨਾਸ ਕਰੇ ।

3ਸੱਛ ਮੁੱਚ ਯਹੋਵਾਹ ਦੇ ਹੁਕਮ ਕਰਕੇ ਹੀ ਇਹ ਯਹੂਦਾਹ ਨਾਲ ਹੋਇਆ ਤਾਂ ਜੋ ਮਨੱਸ਼ਹ ਦੇ ਪਾਪਾਂ ਕਰਕੇ ਉਹ ਦੀਆਂ ਸਾਰੀਆਂ ਕਰਨੀਆਂ ਅਨੁਸਾਰ ਓਹਨਾਂ ਨੂੰ ਆਪਣੇ ਅੱਗਿਓਂ ਪਰੇ ਹਟਾ ਦੇਵੇ । 4ਨਾਲੇ ਉਨ੍ਹਾਂ ਬੇਦੋਸ਼ਿਆਂ ਦੇ ਲਹੂ ਦੇ ਕਾਰਨ ਭੀ ਜੋ ਉਹ ਨੇ ਬਹਾਇਆ ਸੀ ਕਿਉਂ ਜੋ ਉਹ ਨੇ ਬੇਦੋਸ਼ਿਆਂ ਦੇ ਲਹੂ ਨਾਲ ਯਰੂਸ਼ਲਮ ਨੂੰ ਭਰ ਛੱਡਿਆ ਸੀ ਅਤੇ ਯਹੋਵਾਹ ਮਾਫ਼ ਕਰਨਾ ਨਹੀਂ ਸੀ ਚਾਹੁੰਦਾ ।

5ਅਤੇ ਯਹੋਯਾਕੀਮ ਦੀ ਬਾਕੀ ਵਾਰਤਾ ਅਤੇ ਸਭ ਕੁਝ ਜੋ ਉਹ ਨੇ ਕੀਤਾ ਕੀ ਉਹ ਯਹੂਦਾਹ ਦੇ ਰਾਜਿਆਂ ਦੇ ਇਤਿਹਾਸ ਦੀ ਪੋਥੀ ਵਿੱਚ ਲਿਖਿਆ ਹੋਇਆ ਨਹੀਂ ਹੈ ? 6ਸੋ ਯਹੋਯਾਕੀਮ ਆਪਣੇ ਪਿਉ-ਦਾਦਿਆਂ ਨਾਲ ਸੌਂ ਗਿਆ ਅਤੇ ਉਹ ਦਾ ਪੁੱਤਰ ਯਹੋਯਾਕੀਨ ਉਹ ਦੇ ਥਾਂ ਰਾਜ ਕਰਨ ਲੱਗਾ ।

7ਅਤੇ ਮਿਸਰ ਦਾ ਰਾਜਾ ਫੇਰ ਕਦੀ ਆਪਣੇ ਦੇਸੋਂ ਬਾਹਰ ਨਾ ਨਿੱਕਲਿਆ ਕਿਉਂ ਜੋ ਬਾਬਲ ਦੇ ਰਾਜਾ ਨੇ ਮਿਸਰ ਦੇ ਨਾਲੇ ਤੋਂ ਲੈ ਕੇ ਫਰਾਤ ਦੇ ਦਰਿਆ ਤਾਈਂ ਸਭ ਕੁਝ ਜੋ ਮਿਸਰ ਦੇ ਰਾਜਾ ਦਾ ਸੀ ਲੈ ਲਿਆ ।

8ਜਦ ਯਹੋਯਾਕੀਨ ਰਾਜ ਕਰਨ ਲੱਗਾ ਤਾਂ ਉਹ ਅਠਾਰਾਂ ਵਰਿਹਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਤਿੰਨ ਮਹੀਨੇ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਉਂ ਨਹੁਸ਼ਤਾ ਸੀ ਜੋ ਯਰੂਸ਼ਲਮ ਦੇ ਅਲਨਾਥਾਨ ਦੀ ਧੀ ਸੀ । 9ਅਤੇ ਜਿਵੇਂ ਉਸ ਦੇ ਪਿਉ-ਦਾਦਿਆਂ ਨੇ ਸੱਭੋ ਕੁਝ ਕੀਤਾ ਓਵੇਂ ਉਸ ਨੇ ਭੀ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ ।

10ਉਸ ਵੇਲੇ ਬਾਬਲ ਦੇ ਰਾਜਾ ਨਬੂਕਦ-ਨੱਸਰ ਦੇ ਚਾਕਰਾਂ ਨੇ ਯਰੂਸ਼ਲਮ ਦੇ ਉੱਤੇ ਚੜ੍ਹਾਈ ਕੀਤੀ ਅਤੇ ਸ਼ਹਿਰ ਘੇਰਿਆ ਗਿਆ । 11ਅਤੇ ਬਾਬਲ ਦਾ ਰਾਜਾ ਨਬੂਕਦ-ਨੱਸਰ ਸ਼ਹਿਰ ਤੇ ਚੜ੍ਹ ਆਇਆ ਜਦ ਕਿ ਉਹ ਦੇ ਚਾਕਰ ਉਸ ਨੂੰ ਘੇਰ ਰਹੇ ਸਨ । 12ਤਦ ਯਹੂਦਾਹ ਦਾ ਰਾਜਾ ਯਹੋਯਾਕੀਨ ਆਪਣੀ ਮਾਤਾ, ਆਪਣੇ ਚਾਕਰਾਂ, ਆਪਣੇ ਸਰਦਾਰਾਂ ਅਤੇ ਆਪਣੇ ਦਰਬਾਰੀਆਂ ਸਣੇ ਨਿੱਕਲ ਕੇ ਬਾਬਲ ਦੇ ਰਾਜਾ ਕੋਲ ਆਇਆ ਅਤੇ ਬਾਬਲ ਦੇ ਰਾਜਾ ਨੇ ਆਪਣੇ ਰਾਜ ਦੇ ਅੱਠਵੇਂ ਸਾਲ ਉਹ ਨੂੰ ਫੜ ਲਿਆ ।

13ਤਾਂ ਉਹ ਯਹੋਵਾਹ ਦੇ ਭਵਨ ਦਾ ਸਾਰਾ ਖਜ਼ਾਨਾ ਉੱਥੋਂ ਲੈ ਗਿਆ ਅਤੇ ਸੋਨੇ ਦੇ ਸੱਭੋ ਭਾਂਡੇ ਜੋ ਇਸਰਾਏਲ ਦੇ ਰਾਜਾ ਸੁਲੇਮਾਨ ਨੇ ਯਹੋਵਾਹ ਦੀ ਹੈਕਲ ਵਿੱਚ ਬਣਾਏ ਸਨ ਉਸ ਨੇ ਕੱਟ ਕੇ ਯਹੋਵਾਹ ਦੇ ਕਹੇ ਅਨੁਸਾਰ ਟੁੱਕੜੇ ਟੁੱਕੜੇ ਕਰ ਦਿੱਤੇ । 14ਅਤੇ ਉਹ ਸਾਰੇ ਯਰੂਸ਼ਲਮ ਨੂੰ, ਸਾਰਿਆਂ ਸਰਦਾਰਾਂ, ਸਾਰਿਆਂ ਬਲਵੰਤ ਜੋਧਿਆਂ ਨੂੰ ਅਰਥਾਤ ਦਸ ਹਜ਼ਾਰ ਬੰਧੂਏ ਨਾਲੇ ਸਾਰੇ ਕਾਰੀਗਰਾਂ ਅਤੇ ਲੋਹਾਰਾਂ ਨੂੰ ਗ਼ੁਲਾਮ ਕਰ ਕੇ ਲੈ ਗਿਆ ਅਤੇ ਦੇਸ ਦੇ ਅਤੀ ਕੰਗਾਲਾਂ ਤੋਂ ਬਿਨਾ ਹੋਰ ਕੋਈ ਬਾਕੀ ਨਾ ਰਿਹਾ ।

15ਨਾਲੇ ਉਹ ਯਹੋਯਾਕੀਨ ਨੂੰ ਗ਼ੁਲਾਮ ਕਰ ਕੇ ਬਾਬਲ ਨੂੰ ਲੈ ਗਿਆ ਅਤੇ ਰਾਜਾ ਦੀ ਮਾਤਾ, ਰਾਜਾ ਦੀਆਂ ਰਾਣੀਆਂ, ਉਹ ਦੇ ਦਰਬਾਰੀਆਂ ਅਤੇ ਦੇਸ ਦੇ ਮਹਾਂ ਪੁਰਸ਼ਾਂ ਨੂੰ ਗ਼ੁਲਾਮ ਕਰ ਕੇ ਯਰੂਸ਼ਲਮ ਤੋਂ ਬਾਬਲ ਨੂੰ ਲੈ ਗਿਆ । 16ਅਤੇ ਸਾਰੇ ਸੂਰ ਬੀਰਾਂ ਨੂੰ ਜੋ ਸੱਤ ਹਜ਼ਾਰ ਸਨ, ਕਾਰੀਗਰਾਂ, ਲੋਹਾਰਾਂ ਨੂੰ ਜੋ ਇੱਕ ਹਜ਼ਾਰ ਸਨ ਅਤੇ ਸਾਰੇ ਗੁਣੀ ਜੋਧੇ ਸਨ ਉਨ੍ਹਾਂ ਨੂੰ ਬਾਬਲ ਦਾ ਰਾਜਾ ਗ਼ੁਲਾਮ ਕਰ ਕੇ ਬਾਬਲ ਵਿੱਚ ਲੈ ਆਇਆ । 17ਅਤੇ ਬਾਬਲ ਦੇ ਰਾਜਾ ਨੇ ਉਹ ਦੇ ਚਾਚੇ ਮੱਤਨਯਾਹ ਨੂੰ ਉਸ ਦੇ ਥਾਂ ਰਾਜਾ ਬਣਾਇਆ ਅਤੇ ਉਸ ਦਾ ਨਾਮ ਬਦਲ ਕੇ ਸਿਦਕੀਯਾਹ ਰੱਖ ਦਿੱਤਾ ।

18ਜਦ ਸਿਦਕੀਯਾਹ ਰਾਜ ਕਰਨ ਲੱਗਾ ਤਾਂ ਇੱਕੀਆਂ ਸਾਲਾਂ ਦਾ ਸੀ ਅਤੇ ਉਸ ਨੇ ਯਰੂਸ਼ਲਮ ਵਿੱਚ ਗਿਆਰਾਂ ਸਾਲ ਰਾਜ ਕੀਤਾ ਅਤੇ ਉਸ ਦੀ ਮਾਤਾ ਦਾ ਨਾਉਂ ਹਮੂਟਲ ਸੀ ਜੋ ਲਿਬਨਾਹ ਦੇ ਯਿਰਮਯਾਹ ਦੀ ਧੀ ਸੀ । 19ਅਤੇ ਸਭ ਕੁਝ ਜੋ ਯਹੋਯਾਕੀਮ ਨੇ ਕੀਤਾ ਸੀ ਉੱਸੇ ਦੇ ਅਨੁਸਾਰ ਉਸ ਨੇ ਭੀ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ । ਕਿਉਂ ਜੋ ਯਹੋਵਾਹ ਦੇ ਕ੍ਰੋਧ ਕਰ ਕੇ ਜੋ ਯਰੂਸ਼ਲਮ ਅਤੇ ਯਹੂਦਾਹ ਦੇ ਉੱਤੇ ਸੀ ਇਹ ਹੋਇਆ ਕਿ ਅੰਤ ਨੂੰ ਉਸ ਨੇ ਉਨ੍ਹਾਂ ਨੂੰ ਆਪਣੇ ਸਾਹਮਣਿਓਂ ਕੱਢ ਦਿੱਤਾ ਅਤੇ ਸਿਦਕੀਯਾਹ ਬਾਬਲ ਦੇ ਰਾਜਾ ਤੋਂ ਬੇਮੁਖ ਹੋ ਗਿਆ ।

20

Copyright information for PanULB